ਧਰਮ ਪ੍ਰਚਾਰ ਕਮੇਟੀ ਵੱਲੋਂ 15 ਜਨਵਰੀ ਤੋਂ 26 ਜਨਵਰੀ ਤੱਕ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ 14 ਮੈਂਬਰੀ ਟੀਮ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ”ਨਸ਼ੇ ਛੱਡੋ ਸਿੰਘ ਸਜੋ”ਵਿਚ ਅਹਿਮ ਭੂਮਿਕਾ ਨਿਭਾਏਗੀ: ਮੈਨੇਜਰ ਜਤਿੰਦਰ ਪਾਲ ਸਿੰਘ।


ਸ੍ਰੀ ਅੰਮ੍ਰਿਤਸਰ ਸਾਹਿਬ,,11 ਜਨਵਰੀ (ਰਜਿੰਦਰ ਸਿੰਘ ਸਾਂਘਾ) ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀਂ ਜਾਂਦੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਪਤਿਤ ਪੁਣੇ ਤੋਂ ਰੋਕਣ ਅਤੇ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਚਰਨਾਂ ਨਾਲ ਜੋੜਣ ਲਈ 14 ਮੈਂਬਰੀ ਪ੍ਰਚਾਰਿਕਾਂ ਵਲੋਂ 15 ਜਨਵਰੀ ਤੋਂ 26 ਜਨਵਰੀ ਤੱਕ ਅਹਿਮ ਭੂਮਿਕਾ ਨਿਭਾਏਗੀ। ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸ੍ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ 27 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ,ਅਣਖੀਲੇ ਜਰਨੈਲ, ਸੂਰਬੀਰ ਯੋਧੇ, ਕਹਿਣੀ ਅਤੇ ਕਰਨੀ ਦੇ ਪੂਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਖਾਤਰ ਆਪਾ ਵਾਰਨ ਵਾਲੇ ਲਾਸਾਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਖ਼ਾਲਸਾਈ ਜਾਹੋ-ਜਲਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਅੱਜ ਸ਼ਹਿਰ ਦੀਆਂ ਸੰਮੂਹ ਧਾਰਮਿਕ ਸਭਾ ਸੁਸਾਇਟੀਆ ਕੋਲੋਂ ਇਸ ਪਾਵਨ ਦਿਹਾੜੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ “ਸੁਝਾਅ ਅਤੇ ਸਹਿਯੋਗ” ਮੰਗਿਆ ਗਿਆ। ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਗੁਰਮੁੱਖਾਂ , ਸ਼ਹਿਰ ਦੀਆਂ ਸੰਮੂਹ ਧਾਰਮਿਕ ਸਭਾ ਸੁਸਾਇਟੀਆ ਅਤੇ ਗਤਕਾ ਅਖਾੜਾ ਦੇ ਮੁੱਖੀਆ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਲਈ ਇਸ ਤੇ ਮੋਹਰ ਲਗਾਈ। ਮੈਨੇਜਰ ਸ੍ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਜੋਕੇ ਦੌਰ ਵਿਚ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ੍ਰ ਅਜੈਬ ਸਿੰਘ ਅਭਿਆਸੀ ਵੱਲੋਂ 14 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਦੇ ਮੈਂਬਰ 15 ਜਨਵਰੀ ਤੋਂ 26 ਜਨਵਰੀ ਤੱਕ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਸਿੱਖੀ ਨੂੰ ਪ੍ਰਫੁੱਲਿਤ ਅਤੇ ਸਿੱਖੀ ਦੇ ਬੂਟੇ ਨੂੰ ਹਰਿਆ ਭਰਿਆ ਰੱਖਣ ਲਈ ਨੌਜਵਾਨ ਬੱਚੇ ਬੱਚੀਆ ਨੂੰ, ਮਤਾਵਾਂ ਅਤੇ ਬਜ਼ੁਰਗਾਂ ਦੇ ਸਹਿਯੋਗ ਨਾਲ ਜਿੰਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਨ੍ਹਾਂ ਨੂੰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਖਾਲਸਾਈ ਜਾਹੋ ਜਲਾਲ ਨਾਲ ਮਨਾਉਣ ਲਈ ਅੰਮ੍ਰਿਤ ਪਾਨ ਕਰਨ ਲਈ ਪ੍ਰੇਰਿਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ। ਸ੍ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ 25 ਜਨਵਰੀ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਵੇਗੀ। 26 ਜਨਵਰੀ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਜੋਂ ਵੱਖ ਵੱਖ ਰਸਤਿਉਂ ਹੁੰਦਾ ਹੋਇਆ ਰਾਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਪੰਨ ਹੋਵੇਗਾ।27 ਜਨਵਰੀ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ। ਜਿਸ ਵਿਚ ਅੰਮ੍ਰਿਤ ਅਭਿਲਾਖੀਆਂ ਨੂੰ ਦਫ਼ਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਕਕਾਰ ਭੇਂਟ ਕੀਤੇ ਜਾਣਗੇ। ਮੈਨੇਜਰ ਸ੍ ਜਤਿੰਦਰ ਪਾਲ ਸਿੰਘ, ਪੀ ਏ ਸ੍ ਜਗਜੀਤ ਸਿੰਘ ਨੇ ਸੰਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ/ ਬੇਨਤੀ ਕਰਦਿਆਂ ਆਖਿਆ ਕਿ “ਭਾਗਾਂ ਵਾਲਿਓ ਇਸ ਅੰਮ੍ਰਿਤ ਸੰਚਾਰ ਲਹਿਰ ਦਾ ਹਿੱਸਾ ਬਣਨ ਲਈ ਆਪਣੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਆਪਣੇ ਬੱਚੇ ਬੱਚੀਆਂ ਨੂੰ ਗੁਰੂ ਦੇ ਲੜ ਲਾਉਣ ਲਈ ਵਹੀਰਾਂ ਘੱਤ ਕੇ 27 ਜਨਵਰੀ ਮੰਗਲਵਾਰ ਸਵੇਰੇ 9 ਵਜੇ ਕੇਸੀ ਇਸ਼ਨਾਨ ਕਰਕੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ”।
——————————————-
ਫੋਟੋ ਕੈਪਸਨ — ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸ੍ ਜਤਿੰਦਰ ਪਾਲ ਸਿੰਘ।


